ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

ਕਹਾਣੀਆਂ

  ਚਿਡ਼ੀ ਤੇ ਕਾਂ , ਕਾਂ ਤੇ ਚਿਡ਼ੀ, ਸ਼ੇਖ ਚਿੱਲੀ, ਚਿਡ਼ੀ ਤੇ ਪਿੱਪਲ, ਕੋਟਲਾ ਛਪਾਕੀ,
ਭਲੇ ਲਈ ਕੋਸ਼ਿਸ਼

 

ਚਿਡ਼ੀ ਅਤੇ ਕਾਂ

ਇੱਕ ਵਾਰੀ, ਇੱਕ ਚਿਡ਼ੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ। ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਜਿੱਥੇ ਚਿਡ਼ੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਂਦੀ। ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ।

ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇਡ਼ੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ। ਦਾਣਿਆਂ ਤੋਂ ਬੂਟੇ ਉੱਗ ਜਾਣਗੇ, ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ। ਚਿਡ਼ੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ। 

ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿਡ਼ੀ ਨੂੰ ਵੀ ਮੱਕੀ ਦੇ ਪੀਲੇ-ਪੀਲੇ ਦਾਣੇ ਬਡ਼ੇ ਪਸੰਦ ਸਨ। ਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ।

ਚਿਡ਼ੀ ਬਡ਼ੀ ਮਿਹਨਤੀ ਸੀ ਪਰ ਕਾਂ ਚਿਡ਼ੀ ਵਾਂਗ ਮਿਹਨਤੀ ਨਹੀਂ ਸੀ। ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ। ਉਹ ਹਰ ਵੇਲੇ ਇੱਧਰ ਉੱਧਰ ਠੁਮਕ-ਠੁਮਕ ਕਰਦਾ ਘੁੰਮਦਾ ਫਿਰਦਾ ਰਹਿੰਦਾ। ਕਾਂ-ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਹਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਹਣੀ ਉੱਪਰ ਜਾ ਬਹਿੰਦਾ। 

ਇੱਕ ਦਿਨ ਬਡ਼ਾ ਮੀਂਹ ਪਿਆ। ਚਿਡ਼ੀ ਕਾਂ ਕੋਲ ਗਈ ਤੇ ਕਹਿਣ ਲੱਗੀ, "ਕਾਵਾਂ-ਕਾਵਾਂ, ਮੀਹਂ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ, ਚੱਲ ਆਪਾਂ ਵੀ ਆਪਣਾ ਖੇਤ ਵਾਹ ਆਈਏ।"

ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬਡ਼ਾ ਖੁਸ਼ ਸੀ, ਉਹ ਤਾਂ ਉੱਡਣਾ ਚਾਹੁੰਦਾ ਸੀ। ਦੂਸਰੇ ਕਾਵਾਂ ਨਾਲ ਮਿਲ ਕੇ ਕਾਂ-ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ। ਪਰ ਉਹ ਚਿਡ਼ੀ ਨੂੰ ਨਾਂਹ ਨਹੀ ਸੀ ਕਰ ਸਕਦਾ। ਇਸ ਲਈ ਉਸ ਨੇ ਕਿਹਾ -  "ਮੈਂ ਤਾਂ ਹਾਲੇ ਨਹਾਉਣਾ ਹੈ। ਮੇਰੀ ਚੁੰਝ ਬਡ਼ੀ ਗੰਦੀ ਹੈ। ਤੂੰ ਚੱਲ ਤੇ ਮੈਂ ਬੱਸ ਆਇਆ।

"ਚੱਲ ਚਿਡ਼ੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ,
ਆਉਣਾ ਐਂ।

ਚਿਡ਼ੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ।

ਉਸ ਨੇ ਥੋਡ਼ੀ ਦੇਰ ਤਾਂ ਕਾਂ ਦੀ ਉਡ਼ੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸ ਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ-ਹੌਲੀ ਖੇਤ ਤਿਆਰ ਕਰ ਲਿਆ। ਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ। ਚਿਡ਼ੀ ਨੇ ਫਿਰ ਕਾਂ ਨੂੰ ਕਿਹਾ- "ਕਾਵਾਂ-ਕਾਵਾਂ ਆ ਆਪਾਂ ਮੱਕੀ ਬੀਜ ਦੇਈਏ। ਹੁਣ ਦਾਣੇ ਬੀਜਣ ਦਾ ਵੇਲਾ ਹੈ।"

ਕਾਂ ਨੇ ਫਿਰ ਕਿਹਾ

"ਚੱਲ ਚਿਡ਼ੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ,
ਆਉਣਾ ਐਂ।

ਚਿਡ਼ੀ ਨੇ ਇੱਕਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ-ਇੱਕ ਕਰ ਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤੇ। ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ। ਧੁੱਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਆਏ। ਚਿਡ਼ੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀ। ਪਰ ਕਾਂ ਕਦੇ ਵੀ ਖੇਤ ਵਿੱਚ ਨਾਂ ਆਉਂਦਾ।

ਥੋਡ਼ੇ ਦਿਨਾਂ ਬਾਅਦ ਬੂਟਿਆਂ ਉੱਪਰ ਛੱਲੀਆਂ ਲੱਗ ਗਈਆਂ। ਛੱਲੀਆਂ ਉੱਪਰ ਪੀਲੇ-ਪਾਲੇ ਦਾਣੇ ਲੱਗ ਗਏ। ਹੁਣ ਦਾਣੇ ਪੱਕ ਗਏ ਅਤੇ ਛੱਲੀਆਂ ਤੋਡ਼ਣ ਦਾ ਵੇਲਾ ਆ ਗਿਆ। ਚਿਡ਼ੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ "ਆ ਕਾਵਾਂ ਆਪਾਂ ਫਸਲ ਇਕੱਠੀ ਕਰ ਲਈਏ।" ਪਰ ਕਾਂ ਨੇ ਫਿਰ ਕਿਹਾ -

"ਚੱਲ ਚਿਡ਼ੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ,
ਆਉਣਾ ਐਂ।
 

ਚਿਡ਼ੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆ। ਚਿਡ਼ੀ ਨੇ ਇਕੱਲਿਆਂ ਹੀ ਬਡ਼ੀ ਮਿਹਨਤ ਨਾਲ ਫਸਲ ਕੱਟੀ। ਫਿਰ ਇੱਕ-ਇੱਕ ਕਰ ਕੇ ਦਾਣੇ ਛੱਲੀਆਂ ਤੋਂ ਵੱਖ ਕੀਤੇ। ਖੇਤ ਵਿੱਚ ਦੋ ਢੇਰੀਆਂ ਲੱਗ ਗਈਆਂ। ਇੱਕ ਛੋਟੀ ਢੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਢੇਰੀ ਮੱਕੀ ਦੇ ਗੁੱਲਾਂ ਦੀ। ਚਿਡ਼ੀ ਨੇ ਇਹ ਕੰਮ ਮੁਕਾਇਆ ਹੀ ਸੀ ਕਿ ਕਾਂ ਵੀ ਉੱਥੇ ਪਹੁੰਚ ਗਿਆ।

 ਕਾਂ ਬਡ਼ਾ ਚਲਾਕ ਸੀ। ਉਸ ਨੇ ਕਿਹਾ "ਚਿਡ਼ੀਏ-ਚਿਡ਼ੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਹੈ। ਤੂੰ ਕੰਮ ਵੀ ਮੇਰੇ ਨਾਲੋਂ ਜਿਆਦਾ ਕੀਤਾ ਹੈ। ਇੰਜ ਕਰ, ਇਹ ਵੱਡੀ ਢੇਰੀ ਤੂੰ ਰੱਖ ਲੈ ਤੇ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ" ਉਹ ਦਾਣਿਆਂ ਦੀ ਛੋਟੀ ਜਿਹੀ ਢੇਰੀ ਉੱਪਰ ਜਾ ਕੇ ਬੈਠ ਗਿਆ। ਚਿਡ਼ੀ ਨੇ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਂਦੇ ਹਾਂ। ਪਰ ਕਾਂ ਨੇ ਇੱਕ ਨਾ ਮੰਨੀ। ਉਹ ਤਾਂ ਲਡ਼ਣ ਲਈ ਤਿਆਰ ਹੋ ਗਿਆ। ਚਿਡ਼ੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈ। ਉਦੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆ। ਥੋਡ਼ੀ ਦੇਰ ਬਾਅਦ ਗਡ਼ੇ ਵੀ ਪੈਣ ਲੱਗ ਪਏ। ਚਿਡ਼ੀ ਭੱਜ ਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕਡ਼ ਕੇ ਬੈਠਾ ਰਿਹਾ।

ਜਦੋਂ ਮੀਂਹ ਰੁਕਿਆ ਤਾਂ ਚਿਡ਼ੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈ। ਉਹ ਗਡ਼ੇ ਵੱਜਣ ਨਾਲ ਹੀ ਮਰ ਗਿਆ ਤੇ ਚਿਡ਼ੀ ਜੋ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਸੀ, ਬਚ ਗਈ। ਇਸ ਤਰ੍ਹਾਂ ਚਿਡ਼ੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ।

ਕਾਂ ਅਤੇ ਚਿਡ਼ੀ

ਇੱਕ ਸੀ ਕਾਂ ਅਤੇ ਇੱਕ ਚਿਡ਼ੀ ਸੀ। ਦੋਵੇਂ ਇਕੱਠੇ ਰਹਿੰਦੇ ਸਨ। ਦੋਵਾਂ ਨੇ ਸਲਾਹ ਬਣਾਈ ਕਿ ਅੱਜ ਆਪਾਂ ਭੱਪਾ ਰਿਨ੍ਹ ਕੇ ਖਾਈਏ। ਚਿਡ਼ੀ ਨੇ ਕਾਂ ਨੂੰ ਕਿਹਾ ਕਾਵਾਂ-ਕਾਵਾਂ ਤੂੰ ਮੋਠ ਦਾ ਦਾਣਾ ਲੈ ਕੇ ਆ, ਤੇ ਮੈਂ ਬਾਜਰੇ ਦਾ ਦਾਣਾ ਲੈਕੇ ਆਉਣੀ ਆਂ।  

ਚਿਡ਼ੀ ਤੇ ਕਾਂ ਨੇ ਭੱਪਾ ਰਿਨ੍ਹ ਲਿਆ। ਜਦੋਂ ਭੱਪਾ ਤਿਆਰ ਹੋ ਗਿਆ, ਕਾਂ ਕਹਿੰਦਾ ਚੱਲ ਚਿਡ਼ੀਏ ਆਪਾਂ ਭੱਪਾ ਖਾਈਏ। ਚਿਡ਼ੀ ਨੇ ਕਿਹਾ ਕਾਵਾਂ ਤੇਰੀ ਚੁੰਝ ਗੰਦੀ ਹੈ ਇਸ ਨੂੰ ਧੋ ਕੇ ਆ। ਕਾਂ ਚੁੰਝ ਧੋਣ ਚਲਾ ਗਿਆ। ਪਿਛੋਂ ਚਿਡ਼ੀ ਨੇ ਸਾਰਾ ਭੱਪਾ ਖਾ ਲਿਆ। ਕਾਂ ਤੋਂ ਡਰਦੀ ਚਿਡ਼ੀ ਚੱਕੀ ਦੀ ਗੰਡ ਵਿੱਚ ਲੁਕ ਗਈ। ਕਾਂ ਚੁੰਝ ਧੋ ਕੇ ਵਾਪਸ ਆਇਆ ਤੇ ਚਿਡ਼ੀ ਨੂੰ ਲੱਭਣ ਲੱਗਾ। ਕਾਂ ਨੂੰ ਬਡ਼ਾ ਗੁੱਸਾ ਚਡ਼੍ਹਿਆ।  ਕਾਂ ਨੇ ਛੇਤੀ ਹੀ ਚਿਡ਼ੀ ਨੂੰ ਲੱਭ ਲਿਆ। ਕਾਂ ਨੇ ਤੋਡ਼ ਤੱਤਾ ਕੀਤਾ ਤੇ ਚਿਡ਼ੀ ਦੇ ਪੂੰਝੇ ਨੂੰ ਲਾ ਦਿੱਤਾ। ਚਿਡ਼ੀ ਨੂੰ ਤੋਡ਼ ਦਾ ਸੇਕ ਲੱਗਾ ਤੇ

ਚਿਡ਼ੀ ਕਹਿੰਦੀ

ਚੀਂ-ਚੀਂ ਮੇਰਾ ਪੂੰਝਾ ਸਡ਼ਿਆ

ਕਾਂ ਕਹਿੰਦਾ

ਕਿਉਂ ਬਗਾਨਾ ਖਿੱਚਡ਼ ਖਾਧਾ
 

 

ਇਕ ਸੀ ਸ਼ੇਖਚਿੱਲੀ

ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਵਿਚ ਇੱਕ ਆਦਮੀ ਖਡ਼੍ਹਾ ਸੀ, ਜਿਸ ਕੋਲ ਇੱਕ ਘਡ਼ਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹਡ਼ਾ ਰੁਪਈਆ ਲੈਕੇ ਉਸ ਦਾ ਘਡ਼ਾ ਚੁੱਕ ਦੇਵੇ। ਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ। ਸ਼ੇਖਚਿੱਲੀ ਘਡ਼ੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆ। ਸ਼ੇਖਚਿੱਲੀ ਨੇ ਸੋਚਿਆ, ਮੈਨੂੰ ਇਕ ਰੁਪਿਆ ਮਿਲੇਗਾ, ਮੈਂ ਇਸ ਦੀ ਇਕ ਮੁਰਗੀ ਖਰੀਦਾਂਗਾ।

ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਮੈ ਇੱਕ ਬੱਕਰੀ ਲਵਾਂਗਾ

ਫਿਰ ਉਹ ਬੱਕਰੀ ਮੇਮਣੇ ਦੇਵੇਗੀ।

ਉਹਨਾ ਮੇਮਣਿਆਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਂਗਾ।

ਉਹ ਗਊ ਵੱਛੇ-ਵੱਛੀਆਂ ਦੇਵੇਗੀ।

ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ।

ਉਹ ਮਝ ਕੱਟੇ-ਕੱਟੀਆਂ ਦੇਵੇਗੀ।

ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋਡ਼ੀ ਲਵਾਂਗਾ।

ਉਹ ਘੋਡ਼ੀ ਵੀ ਵਛੇਰੇ-ਵਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ।

ਮੇਰੀ ਪਤਨੀ ਮੇਰੇ ਘਰ ਆਵੇਗੀ।

ਮੇਰੇ ਬੱਚੇ ਹੋਣਗੇ, ਮੇਰਾ ਪਰਿਵਾਰ ਵਧੇਗਾ।

ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ।

ਮੈਂ ਬੈਠਕ ਵਿਚ ਬੈਠਾ ਹੋਵਾਂਗਾ। ਫਿਰ ਮੇਰਾ ਲਡ਼ਕਾ ਮੇਰੇ ਕੋਲ ਆਵੇਗਾ।

ਉਹ ਕਹੇਗਾ, ਬਾਪੂ ਜੀ, ਰੋਟੀ ਖਾ ਲਉ।

ਮੈਂ ਉਦੋਂ ਕੰਮ ਵਿਚ ਰੁਝਿਆ ਹੋਵਾਂਗਾ। ਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ ਚੱਲ ਪਰ੍ਹੇ ਹਟ....

ਇਹ ਕਹਿੰਦਿਆਂ ਹੀ ਘਡ਼ਾ ਸ਼ੇਖਚਿੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ। ਘਡ਼ੇ ਦਾ ਮਾਲਕ ਰੋਣ ਲੱਗ ਪਿਆ। ਤਦ ਸ਼ੇਖਚਿੱਲੀ ਬੋਲਿਆ, ਤੂੰ ਤਾਂ ਇਕ ਘਡ਼ੇ ਲਈ ਰੋਂਦਾ ਹੈਂ .... ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁਡ਼੍ਹ ਗਿਆ.... ਮੈਂ ਕੀ ਕਰਾਂ?

ਚਿਡ਼ੀ ਤੇ ਪਿੱਪਲ

ਇੱਕ ਸੀ ਚਿਡ਼ੀ। ਚਿਡ਼ੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿਡ਼ੀ ਨੇ ਪਿੱਪਲ ਨੂੰ ਕਿਹਾ, ਪਿਪੱਲਾ-ਪਿੱਪਲਾ, ਦਾਣਾ ਦੇ। ਪਿੱਪਲ ਬੋਲਿਆ, ਨਹੀਂ ਦਿੰਦਾ।

ਪਿੱਪਲ ਦਾਣਾ ਦੇਵੇ ਨਾ; ਚਿਡ਼ੀ ਵਚਾਰੀ ਕੀ ਕਰੇ;

ਠੰਡਾ ਪਾਣੀ ਪੀ ਮਰੇ।

ਚਿਡ਼ੀ ਅੱਗ ਕੋਲ ਗਈ। ਉਸ ਨੇ ਅੱਗ ਨੂੰ ਕਿਹਾ. ਅੱਗ-ਅੱਗ, ਪਿੱਪਲ ਨੂੰ ਸਾਡ਼ ਦੇ। ਅੱਗ ਨੇ ਕਿਹਾ, ਮੈਂ ਨਹੀਂ ਸਾਡ਼ਦੀ।

 ਅੱਗ ਪਿੱਪਲ ਨੂੰ ਸਾਡ਼ੇ ਨਾ; ਪਿੱਪਲ ਦਾਣਾ ਦੇਵੇ ਨਾ;

ਚਿਡ਼ੀ ਵਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।

ਹੁਣ ਚਿਡ਼ੀ ਪਾਣੀ ਕੋਲ ਗਈ। ਉਸ ਨੇ ਪਾਣੀ ਨੂੰ ਕਿਹਾ, ਪਾਣੀ-ਪਾਣੀ, ਅੱਗ ਨੂੰ ਬੁਝਾ ਦੇ। ਪਾਣੀ ਕਹਿੰਦਾ, ਮੈਂ ਨਹੀਂ ਬੁਝਾਉਂਦਾ।

ਪਾਣੀ ਅੱਗ ਬੁਝਾਵੇ ਨਾ; ਅੱਗ ਪਿੱਪਲ ਨੂੰ ਸਾਡ਼ੇ ਨਾ;

ਪਿੱਪਲ ਦਾਣਾ ਦੇਵੇ ਨਾ; ਚਿਡ਼ੀ ਵਚਾਰੀ ਕੀ ਕਰੇ;

ਠੰਡਾ ਪਾਣੀ ਪੀ ਮਰੇ।

ਚਿਡ਼ੀ ਫਿਰ ਹਾਥੀ ਕੋਲ ਗਈ। ਉਸ ਨੇ ਹਾਥੀ ਨੂੰ ਕਿਹਾ, ਹਾਥੀ-ਹਾਥੀ, ਪਾਣੀ ਪੀ ਜਾ। ਹਾਥੀ ਨੇ ਕਿਹਾ, ਮੈਂ ਨਹੀਂ ਪੀਂਦਾ।

ਹਾਥੀ ਪਾਣੀ ਪੀਵੇ ਨਾ; ਪਾਣੀ ਅੱਗ ਬੁਝਾਵੇ ਨਾ;

ਅੱਗ ਪਿੱਪਲ ਨੂੰ ਸਾਡ਼ੇ ਨਾ; ਪਿੱਪਲ ਦਾਣਾ ਦੇਵੇ ਨਾ;

ਚਿਡ਼ੀ ਵਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ।

ਫਿਰ ਚਿਡ਼ੀ ਰੱਸੇ ਕੋਲ ਗਈ। ਉਸ ਨੇ ਰੱਸੇ ਨੂੰ ਕਿਹਾ, ਰੱਸਿਆ-ਰੱਸਿਆ, ਹਾਥੀ ਨੂੰ ਬੰਨ੍ਹ ਦੇ। ਰੱਸੇ ਨੇ ਕਿਹਾ, ਮੈਂ ਨਹੀਂ ਬੰਨ੍ਹਦਾ।

ਰੱਸਾ ਹਾਥੀ ਬੰਨ੍ਹੇ ਨਾ; ਹਾਥੀ ਪਾਣੀ ਪੀਵੇ ਨਾ;

ਪਾਣੀ ਅੱਗ ਬੁਝਾਵੇ ਨਾ; ਅੱਗ ਪਿੱਪਲ ਨੂੰ ਸਾਡ਼ੇ ਨਾ;

ਪਿੱਪਲ ਦਾਣਾ ਦੇਵੇ ਨਾ; ਚਿਡ਼ੀ ਵਚਾਰੀ ਕੀ ਕਰੇ;

ਠੰਡਾ ਪਾਣੀ ਪੀ ਮਰੇ।

ਫਿਰ ਚਿਡ਼ੀ ਚੂਹੇ ਕੋਲ ਗਈ। ਉਸ ਨੇ ਚੂਹੇ ਨੂੰ ਕਿਹਾ, ਚੂਹੇ-ਚੂਹੇ, ਰੱਸੇ ਨੂੰ ਕੁਤਰ ਦੇ। ਚੂਹਾ ਕਹਿੰਦਾ, ਮੈਂ ਰੱਸੇ ਨੂੰ ਨਹੀਂ ਕੁਤਰਦਾ।

ਚੂਹਾ ਰੱਸੇ ਨੂੰ ਕੁਤਰੇ ਨਾ; ਰੱਸਾ ਹਾਥੀ ਬੰਨ੍ਹੇ ਨਾ;

ਹਾਥੀ ਪਾਣੀ ਪੀਵੇ ਨਾ; ਪਾਣੀ ਅੱਗ ਬੁਝਾਵੇ ਨਾ;

ਅੱਗ ਪਿੱਪਲ ਨੂੰ ਸਾਡ਼ੇ ਨਾ; ਪਿੱਪਲ ਦਾਣਾ ਦੇਵੇ ਨਾ;

ਚਿਡ਼ੀ ਵਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।

ਫਿਰ ਚਿਡ਼ੀ, ਬਿੱਲੀ ਕੋਲ ਗਈ। ਉਸ ਨੇ ਕਿਹਾ, ਬਿੱਲੀਏ-ਬਿੱਲੀਏ, ਚੂਹੇ ਨੂੰ ਖਾ ਜਾ। ਬਿੱਲੀ ਭੁੱਖੀ ਸੀ, ਇਹ ਮੰਨ ਗਈ।

ਬਿੱਲੀ ਚੂਹੇ ਨੂੰ ਖਾਣ ਲੱਗੀ; ਚੂਹਾ ਰੱਸਾ ਕੁਤਰਨ ਲੱਗਾ;

ਰੱਸਾ ਹਾਥੀ ਬੰਨ੍ਹਣ ਲੱਗਾ; ਹਾਥੀ ਪਾਣੀ ਪੀਣ ਲੱਗਾ;

ਪਾਣੀ ਅੱਗ ਬੁਝਾਉਣ ਲੱਗਾ; ਅੱਗ ਪਿੱਪਲ ਨੂੰ ਸਾਡ਼ਨ ਲੱਗੀ;

ਪਿੱਪਲ ਨੇ ਦਾਣਾ ਦੇ ਦਿੱਤਾ; ਚਿਡ਼ੀ ਨੇ ਦਾਣਾ ਖਾ ਲਿਆ;

ਚਿਡ਼ੀ ਚੀਂ-ਚੀਂ ਕਰਦੀ ਉੱਡ ਗਈ।

ਕੋਟਲਾ ਛਪਾਕੀ

ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇੱਕਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ। ਮੁੰਡੇ ਤੇ ਕੁਡ਼ੀਆਂ ਹੱਸ-ਹੱਸ ਗੱਲਾਂ ਕਰਨ ਲੱਗ ਪਏ। ਕੋਈ ਕਹਿਣ ਲੱਗਾ, ਆਉ ਭੰਡਾ-ਭੰਡਾਰੀਆ ਖੇਡੀਏ। ਕੋਈ ਕਹਿੰਦਾ, ਆਉ ਲੁਕਣ-ਮੀਚੀ ਖੇਡੀਏ। ਕੁਡ਼ੀਆਂ ਕਹਿਣ ਲੱਗੀਆਂ, ਨਹੀਂ ਨਹੀਂ, ਸਮੁੰਦਰ ਤੇ ਮੱਛੀ। ਭੋਲੂ ਕਹਿਣ ਲੱਗਾ, ਡੂੰਮਣਾ ਮਖਿਆਲ ਖੇਡ ਲਵੋ।

ਜੀਤੀ ਸਭ ਨੂੰ ਚੁੱਪ ਕਰਾਉਂਦੀ ਬੋਲੀ, ਨਹੀਂ ਬਈ, ਅੱਜ ਤਾਂ ਕੋਟਲਾ-ਛਪਾਕੀ ਖੇਡਾਂਗੇ। ਸਾਰੇ ਉਸ ਵੱਲ ਵੇਖਣ ਲੱਗ ਪਏ।

ਭੋਲੂ, ਦੀਪੀ, ਲੱਖੀ, ਕੁੱਕੀ, ਘੋਲਾ, ਪੰਮੀ ਤੇ ਬਾਕੀ ਸਾਰੇ ਕਹਿਣ ਲੱਗੇ, ਹਾਂ ਬਈ ਹਾਂ। ਅੱਜ ਤਾਂ -ਛਪਾਕੀ ਹੀ ਖੇਡਾਂਗੇ।

 ਜੀਤੀ ਖੁਸ਼ ਹੋ ਗਈ ਤੇ ਕਹਿਣ ਲੱਗੀ, ਆਉ, ਪਹਿਲਾਂ ਦਾਈ ਪੁੱਗ ਲਈਏ।

 ਸਾਰੇ ਜਣੇ ਗੋਲ-ਚੱਕਰ ਬਣਾ ਕੇ ਖਡ਼ੋ ਗਏ। ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਇੰਞ ਗਿਣਨ ਲੱਗੀ:

ਈਂਗਣ ਮੀਂਗਣ ਤਲੀ ਤਲੀਂਗਣ ਕਾਲਾ-ਪੀਲਾ ਡੱਕਰਾ।

ਗੁਡ਼ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ।

ਪੱਤਰਾਂ ਵਾਲੇ ਘੋਡ਼ੇ ਆਏ ਹੱਥ ਕਨਾਲੀ, ਪੈਰ ਕਨਾਲੀ।

ਨਿੱਕਲ ਬਾਲਿਆ ਤੇਰੀ ਵਾਰੀ।

ਦਾਈ ਲੱਖੀ ਦੇ ਸਿਰ ਆਈ। ਜੀਤੀ ਨੇ ਆਪਣੀ ਚੁੰਨੀ ਨੂੰ ਵਟਾ ਦੇ ਕੇ ਕੋਟਲਾ ਬਣਾਇਆ ਤੇ ਲੱਖੀ ਨੂੰ ਦੇ ਦਿੱਤਾ। ਬੱਚੇ ਤਾਡ਼ੀਆਂ ਮਾਰਦੇ ਇੱਕ ਗੋਲ-ਘੇਰੇ ਵਿਚ ਧਰਤੀ ਉੱਤੇ ਬੈਠ ਗਏ। ਸਾਰੇ ਖਿਡਾਰੀ ਘੇਰੇ ਦੇ ਅੰਦਰ ਵੱਲ ਮੂੰਹ ਕਰ ਕੇ ਪੈਰਾਂ ਭਾਰ ਬੈਠ ਗਏ। ਲੱਖੀ ਕੋਟਲਾ ਹੱਥ ਵਿਚ ਫਡ਼ ਕੇ, ਆਪਣੀ ਦਾਈ ਦੇਣ ਲੱਗ ਪਿਆ। ਉਸ ਨੇ ਕੋਟਲਾ ਆਪਣੇ ਝੱਗੇ (ਕਮੀਜ਼) ਥੱਲੇ ਲੁਕਾ ਲਿਆ ਤੇ ਫਿਰ ਉਹ ਘੇਰੇ ਦੇ ਆਲੇ-ਦੁਆਲੇ ਘੁੰਮਣ ਲੱਗਾ। ਸਾਰੇ ਬੱਚੇ ਪਿੱਠਾਂ ਕਰੀ ਚੁਕੰਨੇ ਹੋਏ ਬੈਠੇ ਸਨ।

ਲੱਖੀ ਗੋਲ-ਚੱਕਰ ਦੇ ਚੱਕਰ ਕੱਟਦਾ ਹੋਇਆ ਗਾਉਂਦਾ ਹੈ:

 ਕੋਟਲਾ-ਛਪਾਕੀ ਜੁਮੇਰਾਤ ਆਈ ਏ।

 ਗੋਲ-ਘੇਰੇ ਵਿੱਚ ਬੈਠੇ ਸਾਰੇ ਬੱਚੇ ਅੱਗੋਂ ਉੱਤਰ ਦਿੰਦੇ:

ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।

ਲੱਖੀ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ। ਬੈਠੇ ਬੱਚੇ ਘੁਸਰ-ਮੁਸਰ ਕਰਨ ਲੱਗੇ। ਲੱਖੀ ਨੇ ਅਛੋਪਲੇ ਜਿਹੇ ਕੋਟਲਾ ਪੰਮੀ ਪਿੱਛੇ ਰੱਖ ਦਿੱਤਾ। ਪੰਮੀ ਨੂੰ ਪਤਾ ਨਾ ਲੱਗਾ। ਲੱਖੀ ਨੇ ਚੱਕਰ ਪੂਰਾ ਕਰਕੇ ਪੰਮੀ ਦੇ ਪਿੱਛੋਂ ਕੋਟਲਾ ਚੁੱਕਿਆ ਤੇ ਉਸ ਦੀ ਪਿੱਠ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ। ਪੰਮੀ ਝੱਟ ਉੱਠ ਦੋਡ਼ੀ ਤੇ ਘੇਰੇ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗੀ। ਸਾਰੇ ਬੱਚੇ ਹੱਸਣ ਲੱਗੇ। ਅੱਗੇ-ਅੱਗੇ ਪੰਮੀ ਤੇ ਪਿੱਛੇ-ਪਿੱਛੇ ਲੱਖੀ। ਪੰਮੀ ਨੂੰ ਕਈ ਕੋਟਲੇ ਖਾਣੇ ਪਏ। ਆਖ਼ਰ ਉਸ ਨੇ ਆਪਣੀ ਥਾਂ ਮੱਲ ਲਈ।

 ਲੱਖੀ ਕੋਟਲਾ ਲੈ ਕੇ ਫੇਰ ਦਾਈ ਦੇਣ ਲੱਗਾ ਤੇ ਗਾਉਣ ਲੱਗਾ। ਇਸ ਵਾਰੀ ਉਸ ਨੇ ਕੋਟਲਾ ਭੋਲੂ ਪਿੱਛੇ ਰੱਖ ਦਿੱਤਾ। ਅਜੇ ਲੱਖੀ ਤੇਜ਼ ਦੋਡ਼ਨ ਹੀ ਲੱਗਾ ਸੀ ਕਿ ਭੋਲੂ ਨੂੰ ਝੱਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਲੱਖੀ ਦੇ ਪਿੱਛੇ ਦੌਡ਼ ਪਿਆ। ਦੋ, ਤਿੰਨ ਕੋਟਲੇ ਲੱਖੀ ਦੀ ਪਿੱਠ ਉੱਤੇ ਪਏ। ਸਾਰੇ ਖ਼ੂਬ ਹੱਸ-ਹੱਸ ਰੌਲਾ ਪਾ ਰਹੇ ਸਨ। ਲੱਖੀ ਨੇ ਚੱਕਰ ਕੱਟ ਕੇ ਭੋਲੂ ਵਾਲੀ ਥਾਂ ਮੱਲ ਲਈ ਤੇ ਨਿੱਚਲਾ ਹੋ ਕੇ ਬੈਠ ਗਿਆ।

ਹੁਣ ਭੋਲੂ ਕੋਟਲਾ ਲੈ ਕੇ ਦਾਈ ਦੇਣ ਲੱਗਾ। ਸਾਰੇ ਚੌਕਸ ਹੋ ਗਏ। ਹਰ ਕੋਈ ਟੇਢਾ ਵੇਖ ਕੇ ਆਪਣੇ ਪਿੱਛੇ ਕੋਟਲੇ ਦੀ ਦਾਈ ਦੇਣ ਦੀ ਉਡੀਕ ਕਰਨ ਲੱਗਾ।

 ਭੋਲੂ ਚੱਕਰ ਲਾ ਰਿਹਾ ਸੀ ਤੇ ਗਾ ਰਿਹਾ ਸੀ,

ਕੋਟਲਾ ਛਪਾਕੀ ਜੁਮੇਰਾਤ ਆਈ ਏ।

ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲਦੇ:

ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।

ਭੋਲੂ ਚਾਹੁੰਦਾ ਸੀ ਕਿ ਉਹ ਜਿਸ ਪਿੱਛੇ ਕੋਟਲਾ ਰੱਖੇ ਉਸ ਦਾ ਕਿਸੇ ਨੂੰ ਪਤਾ ਨਾ ਲੱਗੇ। ਇੰਞ ਉਸ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ ਤੇ ਖੇਡ ਮਘਦੀ ਰਹੀ। ਇਸ ਵਾਰੀ ਕੋਟਲਾ ਜੀਤੀ ਪਿੱਛੇ ਪਿਆ ਸੀ। ਜੀਤੀ ਨੂੰ ਝਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਤੇਜ਼ ਦੌਡ਼ੀ। ਅੱਗੇ-ਅੱਗੇ ਭੋਲੂ ਤੇ ਪਿੱਛੇ-ਪਿੱਛੇ ਜੀਤੀ। ਸਾਰੇ ਹੱਸ-ਹੱਸ ਰੌਲਾ ਪਾ ਰਹੇ ਸਨ। ਕੋਟਲਾ ਖਾਣ ਤੋਂ ਪਹਿਲਾਂ ਹੀ ਭੋਲੂ ਚੱਕਰ ਕੱਟ ਕੇ, ਜੀਤੀ ਦੀ ਥਾਂ ਉੱਤੇ ਆ ਬੈਠਾ।

ਹੁਣ ਜੀਤੀ ਮੁਡ਼ ਦਾਈ ਦੇਣ ਲੱਗੀ ਤੇ ਚੱਕਰ ਲਾਉਣ ਲੱਗੀ। ਕਦੇ ਹੌਲੀ ਤੇ ਕਦੇ ਤੇਜ਼ ਦੌਡ਼ਦੀ ਹੋਈ ਜੀਤੀ ਗਾਉਣ ਲੱਗੀ:

ਕੋਟਲਾ ਛਪਾਕੀ ਜੁਮੇਰਾਤ ਆਈ ਏ।

ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲ ਕੇ ਜਵਾਬ ਦਿੰਦੇ:

ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।

 ਹਰ ਕੋਈ ਆਪਣੀ ਦਾਈ ਦੀ ਤਾਕ ਵਿੱਚ ਸੀ। ਇੰਞ ਖੇਡ ਚੱਲਦੀ ਰਹੀ ਤੇ ਬੱਚੇ ਅਨੰਦ ਮਾਣਦੇ ਰਹੇ।

ਭਲੇ ਲਈ ਕੋਸ਼ਿਸ਼

ਇੱਕ ਪੁਰਾਣੀ  ਗੱਲ ਹੈ  ਕੇ ਇੱਕ ਵਾਰੀ ਕੁਝ ਬੰਦਿਆ ਨੇ  ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ  ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ ਪਾਣੀ ਭਰ ਭਰ ਕੇ ਜੰਗਲ ਵਿੱਚ ਲੱਗੀ ਅੱਗ ਤੇ ਪਾਉਣ ਲੱਗ ਗਏ।  

 

ਇੱਕ ਵਿਚਾਰੀ ਚਿੜੀ ਵੀ ਆਪਣੀ ਚੋਟੀ ਜਿਹੀ ਚੂੰਝ ਨਾਲ ਓਸ ਅੱਗ  ਨੂੰ ਖਤਮ ਕਰਨ ਵਾਸਤੇ ਤੁਪਕਾ ਤੁਪਕਾ ਪਾਣੀ ਨਾਲ ਹੀ ਵਗਦੀ ਨਦੀ ਵਿਚੋਂ ਲੈ ਕੇ ਪਾ ਰਹੀ ਸੀ।  ਓਸਨੂੰ ਅੱਗ ਲਾਉਣ ਵਾਲਿਆਂ ਵਿਚੋਂ ਇੱਕ ਆਦਮੀ ਆਖਦਾ ਕਿ ਤੇਰੀ ਇਸ ਛੋਟੀ ਜਿਹੀ ਚੂੰਝ ਦਾ ਪਾਣੀ ਇਸ ਜੰਗਲ ਦੀ ਅੱਗ ਨੂੰ ਨਹੀ ਬੁਝਾ ਸਕਦਾ ਤਾਂ ਚਿੜੀ ਆਖਣ  ਲੱਗੀ ਕੋਈ ਗੱਲ ਨਹੀ, ਅੱਗ ਬੁਝੇ ਜਾਂ ਨਾਂ, ਪਰ ਮੂਰਖਾ ਮੇਰੀ ਇੱਕ ਗੱਲ ਯਾਦ ਰਖੀਂ ਮੇਰਾ ਨਾਮ ਇਤਿਹਾਸ ਦੇ  ਪੰਨਿਆਂ ਤੇ ਖੂਬਸੂਰਤ ਅੱਖਰਾਂ ਵਿੱਚ ਲਿਖਿਆ ਜਾਵੇਗਾ ਕੇ ਮੈ ਅੱਗ ਬਝਉਣ ਵਾਲਿਆਂ ਵਿੱਚ ਸੀ, ਤੇ ਤੂੰ ਅੱਗ ਲਾਉਣ ਵਾਲਿਆਂ  ਵਿੱਚ ਸੀ।

 

ਸੋ  ਇਸ ਕਹਾਣੀ ਰਾਹੀਂ, ਮੈ ਆਪ ਜੀ ਨੂੰ ਇਹ ਦੱਸਣਾ ਹੈ ਕਿ ਜੋ ਅੱਜ ਆਪਣੀ ਮਾਤ ਭਾਸ਼ਾ ਨੂੰ  ਚੜ੍ਹਦੀਕਲਾ ਵਿੱਚ  ਕਰਨ ਚਿੜੀ ਵਾਂਗ ਵੱਡਾ ਮਹਾਨ ਕਾਰਜ ਕਰ ਰਹੇ ਨੇ। ਓਹਨਾ ਦਾ ਨਾਮ ਵੀ ਇਤਿਹਾਸ ਦੇ  ਵਰਕਿਆਂ  ਤੇ ਇਸੇ  ਤਰਾਂ  ਲਿਖਿਆ ਜਾਵੇਗਾ,  ਜਿਨ੍ਹਾ ਵਿੱਚ  ਵੀਰਪੰਜਾਬ  ਡਾਟ ਕਾਮ, ਸਿਰਮੋਰ ਹੋਵੇਗੀ

 

ਮੈ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੀ ਸੋਚਣ ਵਾਲੇ ਲੋਕਾਂ ਅਤੇ ਸਾਡੇ ਆਪਣੇ ਹੀ ਕੁਝ ਕੁ  ਗੱਦਾਰ ਬੰਦਿਆ  ਨੂੰ  ਬੱਸ  ਇਹੋ ਕਹਾਂਗਾ,  ਕਿ  

'ਸਦੀਓਂ ਸੇ ਰਹਾ ਹੈ ਦੁਸ਼ਮਣ ਜਮਾਨਾ ਹਮਾਰਾ

ਕੋਈ ਤੋ ਬਾਤ ਹੈ ਕੇ ਹਸਤੀ ਮਿਟੀ ਨਹੀਂ ਹਮਾਰੀ '

 

ਆਪਣੀ  ਮਾਂ  ਬੋਲੀ  ਪੰਜਾਬੀ   ਦਾ  ਵਾਰਿਸ  ਓਸ  ਦਾ ਪੁੱਤ (  ਆਕਾਸ਼ ਦੀਪ ਭੀਖੀ )

ਪ੍ਰੀਤ ਮੋਬਾਇਲ 9463374097 (01652275342)

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com