ਦਾ ਸਬ-ਡੋਮੇਨ

 
line decor

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ      ਥੀਸਿਸ    ਵਿਆਕਰਨ    ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

 
 
 

ਜੀ ਆਇਆਂ ਨੂੰ

   

ਰਾਣੀ ਲੂਣਾ ਦਾ ਪਿੰਡ - ਚਮਿਆਰੀ

ਜਿੱਥੇ ਸ਼ਿਵ ਲੂਣਾ ਲਿੱਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ। ਕਿੰਨੇ ਕਵੀਆਂ ਨੇ ਲੂਣਾ 'ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਓ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚੱਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜ਼ਿਲੇ ਦੀ ਅਜਨਾਲਾ ਤਹਿਸੀਲ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ ਹੈ। ਉਂਝ ਚਮਿਆਰੀ ਕਦੀ 2500 ਤੋਂ 3000 ਸਾਲ ਪਹਿਲਾਂ ਮੱਧ ਏਸ਼ੀਆ ਦਾ ਉੱਘਾ ਵਪਾਰਿਕ ਸ਼ਹਿਰ ਸੀ। ਪਰ ਰਾਵੀ ਦੇ ਹੜ੍ਹਾਂ ਦੀ ਮਾਰ ਅਤੇ ਰਾਜਨੀਤਕ ਬਖੇੜਿਆਂ ਕਾਰਨ ਇੱਥੋਂ ਦੇ ਬਾਸ਼ਿੰਦੇ ਹੋਰ ਥਾਂਵਾਂ ਵੱਲ ਹਿਜ਼ਰਤ ਕਰ ਗਏ, ਪਰ ਤਕਰੀਥਨ ਚਾਰ ਸਦੀਆਂ ਪਹਿਲਾਂ ਇਹ ਪਿੰਡ ਮੁੜ ਆਬਾਦ ਹੋਇਆ ਤੇ ਮੁੜ ਸਭਿਅਤਾ ਧੜਕਣ ਲੱਗੀ। ਕਹਿੰਦੇ ਹਨ ਕਿ ਚਮਿਆਰੀ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ।

 

ਲੂਣਾ ਸਾਂਬੇ ਦੇ ਰਾਜੇ ਦੀ ਧੀ ਸੀ। ਜਦੋਂ ਲੂਣਾ ਜਨਮੀ ਤਾਂ ਪੰਡਿਤ ਨੇ ਟੇਵਾ ਲਾ ਕੇ ਦੱਸਿਆ ਕਿ ਇੱਸ ਲੜਕੀ ਤੋਂ ਰਾਜੇ ਦੀ ਜਾਨ ਨੂੰ ਖਤਰਾ ਹੈ ਇੱਸ ਔਲਾਦ ਦਾ ਜਨਮ ਤੇਰੇ ਲਈ ਸ਼ੁੱਭ ਨਹੀਂ, ਹੇ ਰਾਜਨ ਇੱਸ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾ। ਰਾਜੇ ਨੇ ਇੱਕ ਸੰਦੂਕ ਬਣਵਾਇਆ ਜਿੱਸਦੇ ਦੋ ਭਾਗ ਬਣਾਏ ਗਏ, ਹੇਠਲੇ ਭਾਗ ਵਿੱਚ ਸੋਨੇ ਦੀਆਂ ਮੋਹਰਾਂ, ਗਹਿਣੇ, ਹੀਰੇ ਆਦਿ ਪਾ ਦਿੱਤੇ ਗਏ ਅਤੇ ਉਪਰਲੇ ਭਾਗ ਵਿੱਚ ਲੂਣਾ ਨੂੰ ਲਿਟਾ ਦਿੱਤਾ ਗਿਆ। ਸੰਦੂਖ ਦਰਿਆ ਸਪੁਰਦ ਕਰ ਦਿੱਤਾ ਗਿਆ। ਰੁੜਦਾ ਹੋਇਆ ਸੰਦੂਖ ਪਿੰਡ ਚਮਿਆਰੀ ਦੀ ਘਾਟ ਤੇ ਪੀਪੇ ਚਮਿਆਰ ਅਤੇ ਇੱਕ ਧੋਬੀ ਦੀ ਨਜ਼ਰ ਪਿਆ ਦੋਹਾਂ ਨੇ ਸੰਦੂਖ ਦਰਿਆ ਵਿੱਚੋਂ ਕੱਢ ਲਿਆ ਅਤੇ ਪੀਪੇ ਅਤੇ ਧੋਬੀ ਵਿਚਾਲੇ ਸੰਦੂਖ ਦੀ ਮਾਲਕੀ ਨੂੰ ਲੈ ਕੇ ਝਗੜਾ ਹੋ ਗਿਆ ਅੰਤ ਫੈਸਲਾ ਹੋਇਆ ਕਿ ਸੰਦੂਖ ਦਾ ਉਪਰਲਾ ਹਿੱਸਾ ਪੀਪਾ ਚਮਿਆਰ ਰੱਖ ਲਵੇਗਾ ਤੇ ਹੇਠਲਾ ਧੋਬੀ। ਲੂਣਾ, ਪੀਪੇ ਚਮਿਆਰ ਦੇ ਪਲ ਕੇ ਜਵਾਨ ਹੋਈ ਉਸਦੀ ਸੁੰਦਰਤਾ ਬਾਰੇ ਬਿਆਨ ਕਰਨਾ ਸ਼ਾਇਦ ਉਚਿਤ ਨਹੀਂ ਕਿਉਂਕਿ ਕਵੀਆਂ ਨੇ ਕੋਈ ਬਿੰਬ, ਅਲੰਕਾਰ ਅਜਿਹਾ ਨਹੀਂ ਛੱਡਿਆ ਜੋ ਲੂਣਾ ਦੀ ਸੁੰਦਰਤਾ ਬਿਆਨ ਕਰਨ ਲਈ ਨਾ ਵਰਤਿਆ ਹੋਵੇ। ਕਾਦਿਰਯਾਰ ਕਹਿੰਦਾ ਹੈ:

 

ਜਾਇ ਰਾਜੇ ਸਲਵਾਹਨ ਆਂਦੀ

ਇਕ ਇਸਤਰੀ ਹੋਰ ਵਿਆਹ ਕੇ ਜੀ

ਉਸਦੀ ਜਾਤ ਚਮਿਆਰੀ ਤੇ ਨਾਮ ਲੂਣਾ

ਘਰ ਆਂਦੀ ਸੀ ਈਨ ਮਨਾਇ ਕੇ ਜੀ

ਕਾਦਿਰਯਾਰ ਕੀ ਆਖ ਸੁਣਾਵਾਂ

ਪੰਛੀ ਡਿੱਗਦੇ ਗਸ਼ ਖਾਇ ਕੇ ਜੀ।

ਸਿਆਲਕੋਟ ਦਾ ਰਾਜਾ ਚਮਿਆਰੀ ਦੇ ਕੋਲ ਸ਼ਿਕਾਰ ਖੇਡਿਆ ਕਰਦਾ ਸੀ। ਉਸਨੇ ਅਚਾਨਕ ਇੱਕ ਦਿਨ ਘਾਟ ਤੇ ਲੂਣਾ ਨੂੰ ਵੇਖ ਲਿਆ ਤੇ ਉਸਤੇ ਮੋਹਿਤ ਹੋ ਗਿਆ। ਉਸਨੇ ਲੂਣਾ ਕੋਲ ਵਿਆਹ ਦੀ ਪੇਸ਼ਕਸ਼ ਕੀਤੀ ਪਰ ਲੂਣਾ ਨੇ ਸ਼ਰਤ ਲਾਈ ਕਿ ਰਾਜਾ ਉਸਦੇ ਪਿੰਡ ਵਿੱਚ 12 ਖੂਹ ਲਵਾਏ ਅਤੇ ਚਮਿਆਰੀ ਤੋਂ ਸਿਆਲਕੋਟ ਤੱਕ ਪੱਕੀ ਸ਼ੜਕ ਬਣਾਏ। ਰਾਜੇ ਨੇ ਏਸੇ ਤਰ੍ਹਾਂ ਹੀ ਕੀਤਾ, ਰਾਣੀ ਲੂਣਾ ਤੇ ਪੂਰਨ ਭਗਤ ਨਾਲ ਕਿਵੇਂ ਬੀਤੀ ਇਹ ਕਾਫੀ ਮਕਬੂਲ ਕਥਾ ਹੈ ਇਸਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਲੂਣਾ ਦੁਆਰਾ ਆਪਣੇ ਮਤਰੇਏ ਪੁੱਤਰ ਪੂਰਨ ਨੂੰ ਚਾਹੁਣ ਕਾਰਨ ਲੂਣਾ ਕਵੀਆਂ ਤੇ ਕਿੱਸਾਕਾਰਾਂ ਦੀ ਨਫਰਤ ਦੀ ਪਾਤਰ ਰਹੀ ਹੈ, ਪਰ ਉਸਦੀ ਦਹਿਕਦੀ ਜਵਾਨੀ ਨੂੰ ਸਿਆਲਕੋਟ ਦੇ ਬੁੱਢੇ ਰਾਜੇ ਸਲਵਾਨ, ਜੋ ਉਸਦੇ ਪਿਤਾ ਦੀ ਉਮਰ ਦਾ ਸੀ ਨਾਲ ਨਰੜ ਦੇਣਾ ਕਿਥੋਂ ਦੀ ਦਿਆਨਤਦਾਰੀ ਸੀ? ਹੀਰ, ਸਾਹਿਬਾਂ ਵਾਂਗ ਲੂਣਾ ਨੇ ਵੀ ਕਵੀਆਂ ਨੂੰ ਸਮੁੱਚੀ ਔਰਤ ਜਾਤ ਨੂੰ ਗਾਹਲਾਂ ਕੱਢਣ ਦਾ ਮੌਕਾ ਦੇ ਦਿੱਤਾ। ਉਂਝ ਨਿਰਪੱਖ ਹੋ ਵੇਖੀਏ ਤਾਂ ਲੂਣਾ ਦੀ ਮਾਨਸਿਕਤਾ ਪਿੱਛੇ ਮਰਦੀ ਨੇ ਅੱਕ ਚੱਬਿਆ ਵਾਲੇ ਹਾਲਾਤ ਜਰੂਰ ਕੰਮ ਕਰ ਰਹੇ ਹੋਣਗੇ। ਉੰਝ ਮੇਰੇ ਲਿਖੇ ਇੱਸ ਸ਼ਿਅਰ ਪਿੱਛੇ ਲੂਣਾ ਦੀ ਮਾਨਸਿਕਤਾ ਸ਼ਾਇਦ ਅਚੇਤ ਹੀ ਕੰਮ ਕਰ ਰਹੀ ਹੋਵੇਗੀ।  

ਹੁੰਦਾ ਕਵੀ ਕੋਲ ਤੋਲ ਤੇ ਬਹਿਰ ਪੂਰਾ,

ਗਜ਼ਲ ਡੇਗਦੀ ਕਿਉਂ ਈਮਾਨ ਯਾਰੋ

ਪਰ ਸ਼ਿਵ ਨੇ ਕਵੀਆਂ ਦੀ ਪਰੰਪਰਾਗਤ ਲੀਕ ਤੋਂ ਹਟ ਕੇ ਲੂਣਾ ਦੇ ਹੱਕ ਵਿੱਚ ਗੱਲ ਕੀਤੀ :

ਬਾਪ ਜੇ ਧੀ ਦਾ ਰੂਪ ਹੰਢਾਵੇ

ਤਾਂ ਇੱਸ ਜਗ ਨੂੰ ਲਾਜ ਨਾ ਆਵੇ

ਜੇ ਲੂਣਾ ਪੂਰਨ ਨੂੰ ਚਾਹਵੇ

ਚਰਿਤਰਹੀਨ ਕਿਉਂ ਕਹੇ ਜੀਭ ਜਹਾਨ ਦੀ

ਪਿੰਡ ਦੇ ਇੱਕ ਬਜੁਰਗ ਦੇ ਦੱਸਣ ਅਨੁਸਾਰ ਇੱਕ ਖੇਤ ਦੀ ਖੁਦਾਈ ਦੇ ਦੌਰਾਨ ਹੇਠੋਂ ਪੁਰਾਣੀਆਂ ਇੱਟਾਂ ਦਾ ਖੂਹ ਨਿਕਲਿਆ। ਇੱਕ ਹੋਰ ਬਜੁਰਗ ਸ੍ਰ: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜੁਰਗਾਂ ਨੇ ਸਿਆਲਕੋਟ ਤੱਕ ਪੱਕੀ ਸੜਕ ਖੁਦ ਵੇਖੀ ਸੀ। ਸ੍ਰ: ਪ੍ਰੀਤਮ ਸਿੰਘ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾਂ ਨੇ ਸੜਕ ਦਾ ਕੁਝ ਹਿੱਸਾ ਖੁਦ ਵੇਖਿਆ ਸੀ। ਚਮਿਆਰੀ ਦੀ ਮਸ਼ਹੂਰ ਸ਼ਖਸੀਅਤ ਕਾਮਰੇਡ ਰਾਜੇਸ਼ਵਰ ਸਿੰਘ ਹਨ। ਉਹ ਦੇਸ਼ਭਗਤ ਲਹਿਰ ਵਿੱਚ ਕੁਰਬਾਨੀ ਦੇ ਪੁੰਜ ਵਜੋਂ ਨਾਮਵਰ ਜੀਂਉਂਦੇ-ਜਾਗਦੇ ਹਸਤਾਖਰ ਹਨ ਉਹਨਾਂ ਨੂੰ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਦੇਸ਼ਭਗਤੀ ਦੀ ਲਗਨ ਲਗਾਈ ਅਤੇ ਉਹਨਾਂ ਨੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦਿਆਂ ਲਗਾ ਦਿੱਤੀ ਉਹ ਚਮਿਆਰੀ ਦੇ ਖਾਂਦੇ-ਪੀਂਦੇ ਪਰਿਵਾਰ ਵਿੱਚੋਂ ਸਨ। ਜਵਾਨੀ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ 'ਤੇ ਸ਼ਾਦੀ ਕਰਨ ਦਾ ਦਬਾਅ ਪਾਉਣ ਲੱਗੇ, ਪਰ ਵਿਆਹ ਵਾਲੇ ਦਿਨ ਉਹ ਘਰੋਂ ਦੌੜ ਗਏ ਕਿਉਂਕਿ ਉਹ ਸਮਝਦੇ ਸਨ ਕਿ ਘਰ-ਗ੍ਰਿਸਤੀ ਉਹਨਾਂ ਦੀ ਦੇਸ਼ਭਗਤੀ ਦੀ ਲਗਨ ਵਿੱਚ ਰੁਕਾਵਟ ਬਣੇਗੀ, ਉਸ ਤੋਂ ਥਾਅਦ ਉਹ ਪਾਰਟੀ ਦੇ ਕੁਲਵਕਤੀ ਦੇ ਤੌਰ 'ਤੇ ਕੰਮ ਕਰਦੇ ਆ ਰਹੇ ਹਨ। ਸੀ.ਪੀ.ਐਮ ਦੇ ਅੰਮ੍ਰਿਤਸਰ ਐਲਥਰਟ ਰੋਡ ਵਾਲੇ ਦਫਤਰ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਉਹ ਅਜਕਲ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰਹਿ ਰਹੇ ਹਨ।

 

ਲਗਭਗ 2000 ਤੋਂ 2500 ਸਾਲ ਪਹਿਲਾਂ ਚਮਿਆਰੀ ਚਮੜੇ ਤੋਂ ਬਣਨ ਵਾਲੀਆਂ ਵਸਤਾਂ ਦਾ ਤਿਜਾਰਤੀ ਕੇਂਦਰ ਸੀ। ਇੱਥੋਂ ਬਣਨ ਵਾਲੀਆਂ ਚਮੜੇ ਦੀਆਂ ਵਸਤਾਂ ਨਾ ਸਿਰਫ ਉੱਤਰੀ ਭਾਰਤ ਬਲਕਿ ਮੁਲਤਾਨ, ਕੰਧਾਰ, ਖਾੜੀ ਫਾਰਸ ਤੇ ਕੁਝ ਅਰਬ ਦੇਸ਼ਾਂ ਨੂੰ ਵੀ ਸਾਗਰ ਦੇ ਜ਼ਰੀਏ ਸਪਲਾਈ ਹੁੰਦੀਆਂ ਸਨ। ਜਿੰਨ੍ਹਾਂ ਵਿੱਚ ਘੋੜਿਆਂ ਦੀਆਂ ਲਗਾਮਾਂ, ਜੁੱਤੀਆਂ, ਮਸ਼ਕਾਂ ਤੇ ਫੌਜੀਆਂ ਦੀਆਂ ਵਿਸ਼ੇਸ਼ ਕਿਸਮ ਦੀਆਂ ਪੁਸ਼ਾਕਾਂ ਆਦਿ ਸ਼ਮਿਲ ਹਨ। ਦਿੱਲੀ ਤੋਂ ਜੋ ਵਪਾਰੀ ਕਾਫ਼ਲੇ ਖਾੜੀ ਫਾਰਸ ਵੱਲ ਲਾਹੌਰ ਰਾਹੀਂ ਨਹੀਂ ਜਾਇਆ ਕਰਦੇ ਸਨ। ਉਹਨਾਂ ਦਾ ਪੜਾਅ ਚਮਿਆਰੀ - ਸਿਆਲਕੋਟ ਆਦਿ ਹੁੰਦੇ ਸਨ। ਇੱਸ ਤਰ੍ਹਾਂ ਕਰਨ ਦੇ ਕਈ ਕਾਰਨ ਸਨ, ਵਪਾਰੀਆਂ ਦੇ ਦਿੱਲੀ ਲਾਹੌਰ ਵਾਲੇ ਰਾਹ 'ਤੇ ਲੁਟੇਰਿਆਂ ਦੀ ਜਿਆਦਾ ਨਿਗਾਹ ਰਹਿੰਦੀ ਸੀ ਤੇ ਮਸੂਲ ਵਗੈਰਾ ਵੱਧ ਤਾਰਨਾ ਪੈਂਦਾ ਸੀ।

 

ਜਦੋਂ ਬੰਦਾ ਬਹਾਦਰ ਨੇ ਸਰਹੰਦ ਫਤਹਿ ਕਰਕੇ ਬਾਕੀ ਪੰਜਾਬ ਵੱਲ ਕੂਚ ਕੀਤਾ ਤਾਂ ਫੌਜਾਂ ਸਣੇ ਇੱਥੇ ਪੜਾਅ ਕੀਤਾ। ਬੰਦਾ ਬਹਾਦਰ ਨੇ ਇੱਥੋਂ ਚੜ੍ਹਾਈ ਕਰਕੇ ਭੀਲੋਵਾਲ ਦੇ ਇਲਾਕੇ 'ਚ ਗਿਲਜੇ ਵੱਢੇ। ਜਿੱਥੇ ਬੰਦਾ ਬਹਾਦਰ ਨੇ ਪੜਾਅ ਕੀਤਾ ਉੱਥੇ ਅੱਜ ਗੁਰਦੁਆਰਾ ਵਿਦਮਾਨ ਹੈ ਪਿੰਡ ਵਿੱਚ ਇੱਕ ਤੁਲਸੀ ਦਾਸ ਨਾਮ ਦੇ ਭਗਤ ਦੀ ਸਮਾਧ ਹੈ ਜੋ ਸਾਰੀ ਉਮਰ ਇੱਸਤਰੀ ਦੇ ਮੱਥੇ ਨਹੀਂ ਸੀ ਲੱਗਾ। ਚਮਿਆਰੀ ਪਿੰਡ ਦੇ ਦੋ ਜਰਨੈਲ ਸ੍ਰ: ਨਾਹਰ ਸਿੰਘ ਅਤੇ ਮਾਖੇ ਖਾਂ ਮਹਾਰਜਾ ਰਣਜੀਤ ਸਿੰਘ ਦੇ ਵਿਸ਼ਵਾਸ਼ ਪਾਤਰ ਉੱਘੇ ਜਰਨੈਲ ਸਨ। ਅੰਗਰਜ਼ਾਂ ਨਾਲ ਹੋਈਆਂ ਲੜਾਈਆਂ ਵਿੱਚ ਦੋਹਾਂ ਨੇ ਕਮਾਲ ਦੀ ਬਹਾਦਰੀ ਵਿਖਾਈ। ਜਰਨੈਲ ਮਾਖੇ ਖਾਂ ਦਾ ਜ਼ਿਕਰ ਸ਼ਾਹ ਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ 'ਚ ਵੀ ਆਉਂਦਾ ਹੈ: 

'ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ

ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ'

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ

ਵਾਂਗ ਨਿੰਥੂਆਂ ਲਹੂ ਨਿਚੋੜ ਸੁੱਟੇ'

ਜੰਗ ਹਾਰ ਜਾਣ ਪਿੱਛੋਂ ਮਾਖੇ ਖਾਂ ਪਿੰਡ ਆ ਗਿਆ। ਇੱਕ ਦਿਨ ਪਿੰਡ ਚਮਿਆਰੀ ਉੱਤੇ ਤਾਕੂਆਂ ਹਮਲਾ ਕਰ ਦਿੱਤਾ। ਮਾਖੇ ਖਾਂ ਨੇ ਆਪਣੇ ਸਾਥੀਆਂ ਨਾਲ ਡਾਕੂਆਂ ਦਾ ਡਟ ਕੇ ਟਾਕਰਾ ਕੀਤਾ। ਡਾਕੂ ਚਿੱਲਿਆਂ ਵਾਲੀ ਦੀ ਲੜਾਈ ਦੇ ਇਹਨਾਂ ਨਾਇਕਾਂ ਸਾਹਵੇਂ ਟਿੱਕ ਨਾ ਸਕੇ ਅਤੇ ਮਾਖੇ ਖਾਂ ਨੇ ਪਿੰਡ ਦੀ ਰਾਖੀ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਮਾਖੇ ਖਾਂ ਅਤੇ ਸ੍ਰ: ਨਾਹਰ ਸਿੰਘ ਨੂੰ ਜਗੀਰ ਦਿੱਤੀ ਹੋਈ ਸੀ। ਸਿੱਖ ਫੌਜਾਂ ਵੱਲੋਂ ਕੰਧਾਰ ਦਾ ਕਿਲ੍ਹਾ ਫਤਹਿ ਕਰਨ ਸਮੇਂ ਮਾਖੇ ਖਾਂ ਤੋਪਚੀ ਸਨ ਅਤੇ ਕਿਲਾ ਫਤਿਹ ਕਰਨ ਵਿੱਚ ਮਾਖੇ ਖਾਂ ਦਾ ਬਹੁਤ ਵੱਡਾ ਹੱਥ ਸੀ ਮਾਖੇ ਖਾਂ ਦੇ ਮਹਿਲ ਦੀ ਨਾਨਕਸ਼ਾਹੀ ਇੱਟਾਂ ਦੀ ਚਾਰਦਿਵਾਰੀ ਅਤੇ ਬਚੇ ਹੋਏ ਦੋ ਕਮਰਿਆਂ ਵਿੱਚ ਇੱਕ ਕਿਸਾਨ ਪਰਵਾਰ ਰਹਿ ਰਿਹਾ ਹੈ। ਮਕਾਨ ਦਾ ਵਿਸ਼ਾਲ ਦਰਵਾਜਾ ਵੀ ਮੌਜੂਦ ਹੈ। ਚਾਰਦਿਵਾਰੀ ਇੰਨੀ ਮਜਬੂਤ ਹੈ ਕਿ ਮਾਖੇ ਖਾਂ ਵਰਗੇ ਬਹਾਦਰ ਯੋਧੇ ਅਤੇ ਫੌਜੀ ਦਿਮਾਗ ਦੀ ਕਾਢ ਹੈ। ਮਾਖੇ ਖਾਂ ਦਾ ਪੋਤਰਾ ਅਨਵਰ ਹੁਸੈਨ 1947 ਵਿਚ ਪਰਿਵਾਰ ਸਮੇਤ ਸ਼ੇਖੂਪੁਰੇ ਪਾਕਿਸਤਾਨ ਵੱਸ ਗਿਆ। ਅਨਵਰ ਹੁਸੈਨ ਦਾ ਪੋਤਰਾ ਕੁਝ ਸਮਾਂ ਪਹਿਲਾਂ ਚਮਿਆਰੀ ਆਇਆ ਤੇ ਆਪਣੇ ਢੱਠੇ ਮਹਿਲਾਂ ਤੇ ਨਤਮਸਤਕ ਹੋ ਕੇ ਗਿਆ। ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਚਾਰਵਾਨ ਅਮੀਨ ਮਲਿਕ ਚਮਿਆਰੀ ਪਿੰਡ ਦੇ ਜੰਮਪਲ ਹਨ ਜੋ ਅੱਜਕਲ ਲੰਡਨ ਰਹਿ ਰਹੇ ਹਨ।

 

ਜਤਿੰਦਰ ਸਿੰਘ ਔਲਖ, ਪਿੰਡ ਤੇ ਡਾਕ ਕੋਹਾਲੀ, ਤਹਿ ਅਜਨਾਲਾ. ਜਿਲ੍ਹਾ ਅੰਮ੍ਰਿਤਸਰ

9815534653, aulakhkohali@yahoo.com

 

ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ


 


 ਮਸ਼ਹੂਰ ਲੇਖਕਾਂ ਦੀਆਂ ਕਹਾਣੀਆਂ


 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com